ਜਪੁਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਕਿਹਾ ਜਾਂਦਾ ਹੈ। ਸ਼ਾਇਦ ਇਸੇ ਲਈ ਇਸ ਨੂੰ ਗ੍ਰੰਥ ਸਾਹਿਬ ਵਿਚ ਸਭ ਤੋਂ ਉੱਪਰ ਲਿਖਿਆ ਗਿਆ ਹੈ। ਸ਼ਾਇਦ ਗੁਰੂ ਅਰਜਨ ਦੇਵ ਇਹ ਸਮਝਦੇ ਹੋਣ ਕਿ ਸਿੱਖ ਸ਼ਰਧਾਲੂ ਇਸ ਬਾਣੀ ਨੂੰ ਪੜ੍ਹ ਕੇ ਹੀ ਬਾਕੀ ਦੀਆਂ ਬਾਣੀਆਂ ਪੜ੍ਹਨ ਤਾਂ ਜੋ ਇਸ ਵਿਚ ਦਿੱਤੀ ਸਿਧਾਂਤਿਕ ਸਿੱਖਿਆ ਬਾਕੀ ਬਾਣੀਆਂ ਸਮਝਣ ਲਈ ਸੇਧ ਦੇਵੇ। ਜਨਮ ਸਾਖੀਆਂ ਅਨੁਸਾਰ ਵੀ ਗੁਰੂ ਨਾਨਕ ਨੇ ਇਸ ਬਾਣੀ ਦੀ ਰਚਨਾ ਸਵੇਰ ਵੇਲੇ ਪੜ੍ਹਨ ਲਈ ਕੀਤੀ ਸੀ ਜਿਸ ਦਾ ਭਾਵ ਹੈ ਕਿ ਇਸ ਵਿਚ ਦਿੱਤਾ ਸਿਧਾਂਤ ਉਨ੍ਹਾਂ ਨੂੰ ਸਾਰਾ ਦਿਨ ਯਾਦ ਰਹੇ ਤੇ ਤੇ ਅਭੁੱਲ ਬਣ ਕੇ ਉਨ੍ਹਾਂ ਦੇ ਨਾਲ ਰਹੇ।
ਇਸੇ ਲਈ ਸਾਰੇ ਸਿੱਖ ਸ਼ਰਧਾਲੂ ਇਸ ਬਾਣੀ ਨੂੰ ਸਵੇਰੇ ਨਿੱਤ ਨੇਮ ਨਾਲ ਪੜ੍ਹਦੇ ਹਨ ਜਾਂ ਇੱਦਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਨ। ਜੇ ਉਹ ਇਸ ਤਰ੍ਹਾਂ ਕਰਦੇ ਹਨ ਤਾਂ ਬਹੁਤ ਅੱਛੀ ਗੱਲ ਹੈ ਕਿਉਂਕਿ ਇੱਦਾਂ ਕਰਨ ਨਾਲ ਉਹ ਜਾਣੇ ਅਣਜਾਣੇ ਇਕ ਅਜਿਹੀ ਲਿਖਤ ਨਾਲ ਜੁੜਦੇ ਹਨ ਜਿਸ ਦਾ ਸਾਨੀ ਦੁਨੀਆਂ ਵਿਚ ਕੋਈ ਨਹੀਂ ਹੈ। ਇਸ ਵਿਚ ਉਹ ਸੱਚਾਈ ਦਰਜ਼ ਹੈ ਜਿਸ ਦੀ ਪ੍ਰਭੁੱਤਾ ਸ੍ਰਿਸ਼ਟੀ ਦੇ ਰਹਿਣ ਤੀਕਰ ਰਹੇਗੀ। ਇਹੀ ਨਹੀਂ, ਇਸ ਸਚਾਈ ਦੀ ਵੈਧਤਾ ਸ੍ਰਿਸ਼ਟੀ ਦੇ ਬਾਰ ਬਾਰ ਮਿਟ ਕੇ ਬਾਰ ਬਾਰ ਬਨਣ ਨਾਲ ਵੀ ਇਵੇਂ ਹੀ ਬਣੀ ਰਹੇਗੀ। ਸਭ ਤੋਂ ਵੱਡੀ ਤੇ ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਇਸ ਨੂੰ ਮੱਧ ਕਾਲ ਵਿਚ ਪੰਜਾਬ ਦੇ ਇਕ ਗੁਰੂ ਨੇ ਲਿਖਿਆ। ਪਰ ਦੁੱਖ ਇਹ ਵੀ ਹੈ ਕਿ ਇਸ ਬਾਣੀ ਨੂੰ ਅੱਜ ਤੀਕਰ ਕਿਸੇ ਨੇ ਸਹੀ ਢੰਗ ਨਾਲ ਸਮਝਿਆ ਨਹੀਂ ਹੈ। ਭਾਵੇਂ ਸਭ ਸਿੱਖ ਸ਼ਰਧਾਲੂ ਕੁਝ ਇੱਕਲੀਆਂ ਦੁੱਕਲੀਆਂ ਤੁਕਾਂ ਨੂੰ ਬੋਲ ਕੇ ਆਪਣੀ ਸਮਝ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਇਨ੍ਹਾਂ ਪਿੱਛਲਾ ਸਮੂਚਾ ਦਰਸ਼ਨ ਹਰ ਇਕ ਦੀ ਪਹੁੰਚ ਤੋਂ ਬਾਹਰ ਹੈ। ਇਹ ਬਿਆਨ ਕੋਈ ਅਤਕਥਨੀ ਨਹੀਂ ਹੈ ਜਾਂ ਕਿਸੇ ਮਾਨਯੋਗ ਵਿਦਵਾਨ ਦੀ ਸਮਝ ਤੇ ਉਂਗਲ ਚੁੱਕਣ ਵਾਲੀ ਗੱਲ ਨਹੀਂ ਹੈ। ਇਹ ਤਾਂ ਸਗੋਂ ਇਕ ਅਜਿਹਾ ਤੱਥ ਹੈ, ਜਿਸ ਨੂੰ ਬਹੁਤੇ ਸਿੱਖ ਸ਼ਰਧਾਲੂ ਤੇ ਵਿਦਵਾਨ ਆਪ ਸਵੀਕਾਰ ਕਰਦੇ ਹਨ। ਸਰਵੇਖਣ ਕੀਤੇ ਜਾਣ ਤੇ ਬਹੁਤੇ ਸ਼ਰਧਾਲੂ ਇਹੀ ਕਹਿੰਦੇ ਮਿਲਣਗੇ ਕਿ ਉਹਨਾਂ ਨੂੰ ਇਸ ਬਾਰੇ ਕੋਈ ਬਹੁਤਾ ਗਿਆਨ ਨਹੀਂ ਹੈ। ਬਹੁਤੇ ਕਹਿਣਗੇ ਕਿ ਉਹਨਾਂ ਨੂੰ ਤਾਂ ਉਵੇਂ ਹੀ ਪਤਾ ਹੈ ਜਿਵੇਂ ਸਟੀਕਾਂ ਵਿਚ ਲਿਖਿਆ ਹੈ। ਟੀਕਿਆਂ ਦੀ ਪ੍ਰਸੰਗਤਤਾ ਬਾਰੇ ਪੁੱਛੋ ਤਾਂ ਸਿੱਖ ਸ਼ਰਧਾਲੂ ਕਹਿਣਗੇ ਕਿ ਉਹਨਾਂ ਨੇ ਇਸ ਬਾਰੇ ਕਦੇ ਜਿਆਦਾ ਡੂੰਘਾ ਨਹੀਂ ਸੋਚਿਆ। ਇੱਥੋਂ ਤੀਕਰ ਕਿ ਡਾ: ਗੁਰਭਗਤ ਸਿੰਘ ਜਿਹੇ ਗੁਰਬਾਣੀ ਦੇ ਮੰਨੇ ਪ੍ਰਮੰਨੇ ਵਿਦਵਾਨ ਵੀ ਇਹੀ ਮੰਨਦੇ ਹਨ ਕਿ ਗੁਰੂ ਸਾਹਿਬ ਨੇ ਜਪੁਜੀ ਦੀ ਰਚਨਾ ਕਿਸੇ ਬਹੁਤ ਉੱਚੇ ਮੰਤਵ ਲਈ ਕੀਤੀ ਹੈ ਤੇ ਇਸ ਲਈ ਇਸ ਦੀ ਵਿਆਖਿਆ ਕਰ ਪਾਉਣਾ ਮੱਨੁਖ ਲਈ ਸੰਭਵ ਨਹੀਂ ਹੈ। ਇਹ ਇਕ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ ਕਿ ਗੁਰੂ ਸਾਹਿਬ ਨੇ ਆਮ ਆਦਮੀ ਲਈ ਬਾਣੀ ਲਿਖੀ ਹੇਵੇ ਤੇ ਵਿਦਵਾਨ ਕਹਿੰਦੇ ਹੋਣ ਕਿ ਇਸ ਦੇ ਅਰਥ ਕਰਨੇ ਕਿਸੇ ਵੀ ਮਨੁਖ ਲਈ ਸੰਭਵ ਨਹੀਂ? ਕੀ ਅਜੋਕੇ ਵਿਦਵਾਨਾਂ ਦੀ ਬੁੱਧੀ ਮੱਧ ਕਾਲੀਨ ਆਮ ਆਦਮੀ ਜਿੰਨੀ ਵੀ ਨਹੀਂ?