Interpretation of Gurbani

                                       ਗੁਰਬਾਣੀ ਦੀ ਵਿਆਖਿਆ

     ਅੱਜ ਬਾਣੀ ਨੂੰ ਸਮਝਣ ਸਮਝਾਉਣ ਲਈ ਤਰਾਂ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਬਹੁਤੇ ਸਿੱਖ ਵਿਦਵਾਨ ਪੁਜਾਰੀਵਾਦੀ ਵਿਆਖਿਆ ਵਿਚ ਪੈ ਕੇ ਇਸ ਨੂੰ ਅਧਿਆਤਮਵਾਦ ਨਾਲ ਜੋੜਦੇ ਹਨ ਕੁਝ ਨਵੇਂ ਵਿਦਵਾਨ ਇਸ ਨੂੰ ਵਿਸ਼ਵਾਸ਼ ਨਾਲੋਂ ਨਿਖੇੜ ਕੇ ਇਸ ਦਾ ਸ਼ਾਬਦਿਕ ਤੇ ਵਿਚਾਰਧਾਰਾਤਮਿਕ ਵਿਸ਼ਲੇਸ਼ਣ ਕਰਦੇ ਹਨ ਪੁਜਾਰੀਵਾਦੀ ਵਿਦਵਾਨ ਅਜਿਹਾ ਕਰਨਾ ਠੀਕ ਨਹੀਂ ਮੰਨਦੇ ਕਿਉਂਕਿ ਉਹਨਾਂ ਅਨੁਸਾਰ ਗੁਰਬਾਣੀ ਆਸਥਾ ਦਾ ਮਸਲਾ ਹੈ ਉਹਨਾਂ ਲਈ ਆਸਥਾ ਸੱਤਿ ਨਾਲੋਂ ਵੱਧ ਪਿਆਰੀ ਹੈ ਇਸ ਲਈ ਉਹ ਇਸ ਨੂੰ ਹਰ ਪ੍ਰਕਾਰ ਦੇ ਕਿੰਤੂ-ਪ੍ਰੰਤੂ ਤੋਂ ਉੱਪਰ ਰੱਖਦੇ ਹਨ ਕਈ ਸਿੱਖ ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਕਈ ਕੁਤ੍ਰਿਮ ਸੰਸਥਾਨ ਉਹਨਾਂ ਦੇ ਧਾਰਮਿਕ ਗ੍ਰੰਥਾਂ ਨਾਲ ਛੇੜ-ਛਾੜ ਕਰਕੇ ਉਹਨਾਂ ਦੀ ਵੱਖਰੀ ਧਾਰਮਿਕ ਪਹਿਚਾਣ ਖਤਮ ਕਰਨ ਦੀ ਸਾਜਿਸ਼ ਕਰ ਰਹੇ ਹਨ ਵੱਖ ਵੱਖ ਸਿੱਖ ਵਿਦਵਾਨ ਤੇ ਡੇਰਾਧਾਰੀ ਸੰਤ ਆਪਣੀ ਆਪਣੀ ਵਿਦਵਤਾ, ਵਿਸ਼ਵਾਸ ਤੇ ਸਿਧਾਂਤਿਕ ਅਨੁਭਵ ਅਨੁਸਾਰ ਬਾਣੀ ਦੀ ਆਪਣੇ ਆਪਣੇ ਢੰਗ ਨਾਲ ਵਿਆਖਿਆ ਕਰ ਰਹੇ ਹਨ ਸਾਰਾ ਖੇਡ ਵੇਖਿਆਂ ਬਹੁਤਾ ਇਹੀ ਲਗਦਾ ਹੈ ਕਿ ਕਈ ਵਿਦਵਾਨ ਮਨਮਾਨੀ ਵਿਆਖਿਆ ਕਰ ਰਹੇ ਹਨ ਤੇ ਕਈ ਦੂਜੇ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਰਹੇ ਹਨ ਵਧੇਰੇ ਵਿਦਵਾਨ ਸੰਪਰਦਾਵਾਂ ਵਿਚ ਵੰਡੇ ਹੋਏ ਹਨ ਤੇ ਆਪਸ ਵਿਚ ਲੜ ਝਗੜ ਰਹੇ ਹਨ ਕਿਸੇ ਨੂੰ ਕੁਝ ਪਤਾ ਨਹੀਂ ਲਗ ਰਿਹਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਕਿਉਂਕਿ ਕਿਸੇ ਕੋਲ ਸਹੀ ਗਲਤ ਦਾ ਪੈਮਾਨਾ ਹੀ ਨਹੀਂ ਹੈ

ਗੁਰਬਾਣੀ ਵਿਚ ਵਿਵੇਕ ਤੇ ਤਰਕ ਤੋਂ ਹਟ ਕੇ ਕੀਤੀ ਵਿਆਖਿਆ ਨੂੰ ਹਉਮੈ ਜਾਂ ਮਨਮੁੱਖਤਾ ਵਾਲਾ ਵਿਖਿਆਨ ਮੰਨਿਆ ਗਿਆ ਹੈ ਵਿਆਖਿਆ ਉਹੀ ਪ੍ਰਮਾਣੀਕ ਹੈ ਜੋ ਕਿਸੇ ਦੀ ਮਰਜੀ ਮੁਤਾਬਿਕ ਨਾ ਹੋਕੇ ਗੁਰੂ ਸਾਹਿਬ ਦੇ ਲਿਖੇ ਸ਼ਬਦ ਤੇ ਆਸੇ ਮੁਤਾਬਿਕ ਹੋਵੇ ਵਿਆਖਿਆ ਕੇਵਲ ਓਹੀ ਠੀਕ ਹੈ ਜਿਸ ਨੂੰ ਕਰੇ ਭਾਵੇਂ ਕੋਈ ਪਰ ਭਾਵ ਇਕੋ ਨਿਕਲੇ ਅਰਥਾਤ ਸਹੀ ਵਿਆਖਿਆ ਦਾ ਆਧਾਰ ਅਰਥ ਕਰਨ ਵਾਲੇ ਦੀ ਇੱਛਾ, ਮਰਜੀ ਜਾਂ ਹਉਮੈ ਨਾ ਹੋਵੇ ਨਾ ਹੋਵੇ ਸਗੋਂ ਪੱਕੇ, ਸਾਪੇਖਕ ਤੇ ਤਾਰਕਿਕ ਮਾਪ-ਦੰਡਾਂ ਹੋਣ ਜਿਹਨਾਂ ਤੋਂ ਕੋਈ ਮੁਨਕਰ ਨਾ ਹੋ ਸਕੇ ਪਰ ਪ੍ਰਸ਼ਨ ਉੱਠਦਾ ਹੈ ਕਿ ਅਜਿਹੀ ਵਿਆਖਿਆ ਕਿੱਦਾਂ ਕੀਤੀ ਜਾਵੇ ਜੋ ਸੰਪੂਰਣ ਤੌਰ ਤੇ ਤਰਕ-ਸੰਗਤ ਤੇ ਹਿਸਾਬ ਦੀ ਕਸੌਟੀ ਤੇ ਪੂਰੀ ਉਤਰਦੀ ਹੋਵੇ ਤੇ ਹਰ ਇਕ ਲਈ ਹਰ ਵੇਲੇ ਇਕ ਹੀ ਅਰਥ ਦੇਣ ਵਾਲੀ ਹੋਵੇ?

ਬਹੁਤੀਆਂ ਗੱਲਾਂ ਵਿਚ ਨਾ ਪੈ ਕੇ, ਅਜਿਹਾ ਕਰਨ ਦੀ ਇਕੋ ਇਕ ਸਿੱਧੀ ਤੇ ਵਿਗਿਆਨਕ ਵਿਧੀ ਹੈ ਜਿਸ ਦੇ ਦੋ ਪਹਿਲੂ ਹਨ ਪਹਿਲਾ ਇਹ ਕਿ ਬਾਣੀ ਦੀ ਵਿਆਖਿਆ ਸਿੱਧੀ ਮੂਲ ਬਾਣੀ ਪੜ੍ਹ ਕੇ ਕੀਤੀ ਜਾਵੇ, ਭਾਵ ਟੀਕੇ ਜਾਂ ਸਟੀਕ ਪੜ੍ਹ ਕੇ ਨਾ ਕੀਤੀ ਜਾਵੇ ਇਸ ਮੰਤਵ ਲਈ ਬਾਣੀ ਨੂੰ ਇਕ ਕਾਨੂੰਨੀ ਲਿਖਤ ਸਮਝਿਆ ਜਾਵੇ ਤੇ ਇਸ ਦੀ ਵਿਆਖਿਆ ਕੇਵਲ ਇਸ ਵਿਚ ਲਿਖੇ ਸ਼ਬਦਾਂ ਅਨੁਸਾਰ ਹੀ ਕੀਤੀ ਜਾਵੇ ਆਪਣੇ ਕੋਲੋਂ ਕੋਈ ਅਜਿਹਾ ਸ਼ਬਦ ਨਾ ਜੋੜਿਆ ਜਾਵੇ ਜਿਸ ਨਾਲ ਵਿਆਖਿਆ ਦੇ ਅਰਥ ਤੇ ਦਿਸ਼ਾ ਬਦਲ ਜਾਣ ਭਾਵ ਇਸ ਵਿਚ ਵਿਚਾਰਧਾਰਾਤਮਿਕ ਖੋਟ ਪੈ ਜਾਵੇ ਇਸ ਕੰਮ ਵਿਚ ਕੇਵਲ ਕਾਗਜ਼, ਕਲਮ ਤੇ ਸ਼ਬਦ-ਕੋਸ਼ ਹੀ ਵਰਤੇ ਜਾਣ ਪੂਰਵ-ਪ੍ਰਕਾਸ਼ਿਤ ਟੀਕਿਆਂ ਨੂੰ ਦੂਰ ਰੱਖਿਆ ਜਾਵੇ ਤਾਂ ਜੋ ਇਹਨਾਂ ਦੀਆਂ ਹਉਮੈ-ਪ੍ਰਸਤ ਟਿੱਪਣੀਆਂ ਤੱਥਾਂ ਨੂੰ ਪ੍ਰਭਾਵਿਤ ਨਾ ਕਰਨ ਪਰ ਜੇ ਇਹਨਾਂ ਟੀਕਿਆਂ ਨੂੰ ਕਦੇ ਸ਼ਬਦ-ਕੋਸ਼ ਦੇ ਤੌਰ ਤੇ ਵਰਤਣਾ ਵੀ ਪਵੇ ਤਾਂ ਇਨ੍ਹਾਂ ਦੀ ਵਰਤੋਂ ਇਕ ਅੱਧ ਸ਼ਬਦ ਦੇ ਅਰਥ ਤਹਿ ਕਰਨ ਤੀਕਰ ਹੀ ਸੀਮਤ ਰਹੇ ਪੂਰੇ ਵਾਕ ਜਾਂ ਲਾਈਨ ਦੇ ਅਰਥ ਕਦੇ ਇਹਨਾਂ ਨੂੰ ਵੇਖ ਕੇ ਨਾ ਕੀਤੇ ਜਾਣ ਟੀਕਿਆਂ ਤੋਂ ਲਏ ਅਰਥਾਂ ਨੂੰ ਵਰਤਣ ਵੇਲੇ ਇਹਨਾਂ ਨੂੰ ਬਾਣੀ ਦੇ ਸ਼ਬਦਾਂ ਨਾਲ ਤੇ ਗੁਰੂ ਸਾਹਿਬ ਦੀ ਪ੍ਰਤਿਭਾ ਨਾਲ ਜਰੂਰੀ ਤੌਰ ਤੇ ਮੇਲਿਆ ਜਾਵੇ ਇਸ ਦੇ ਨਾਲ ਨਾਲ ਇਹਨਾਂ ਅਰਥਾਂ ਦਾ ਸਮੂਚੀ ਬਾਣੀ ਨਾਲ ਤਾਲ-ਮੇਲ ਵੀ ਵਿਚਾਰਿਆ ਜਾਵੇ ਵੱਡੀ ਗੱਲ ਇਹਨਾਂ ਸ਼ਬਦਾਂ ਦੀ ਸਿੱਖੀ ਸਿਧਾਂਤ ਨਾਲ ਤਰਕ-ਸੰਗਤਤਾ ਪੂਰੀ ਤਰ੍ਹਾਂ ਪਰਖੀ ਜਾਣੀ ਚਾਹੀਦੀ ਹੈ ਤੇ ਜੋ ਪੂਰਵ ਕ੍ਰਿਤ ਵਿਆਖਿਆ ਬਾਕੀ ਦੀ ਬਾਣੀ ਲਈ ਬਾਧਕ ਹੋਣੀ ਚਾਹੀਦੀ ਹੈ ਤੇ ਕੀਤੀ ਜਾਣ ਵਾਲੀ ਵਿਆਖਿਆ ਪਹਿਲਾਂ ਕੀਤੀ ਵਿਆਖਿਆ ਅਨੁਸਾਰ ਹੋਣੀ ਚਾਹੀਦੀ ਹੈ

ਲੋਭ ਲਾਲਚ ਤੇ ਡਰ ਭਰਮ ਤੋਂ ਉਪਰ ਉੱਠ ਕੇ ਝਾਤੀ ਮਾਰੋ ਕਿ ਕੀ ਕਦੇ ਕੀਤੀ ਕਿਸੇ ਨੇ ਅਜਿਹੀ ਵਿਆਖਿਆ?