ਜਪੁਜੀ ਵਿਚ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਪਣਾ ਦਿਮਾਗ਼ ਵਰਤਣ ਦੀ ਸੇਧ ਦਿੱਤੀ ਜੋ ਉਨ੍ਹਾਂ ਦੀ ਬੜੀ ਵੱਡੀ ਦੇਣ ਹੈ। ਪਰ ਅਜੋਕੇ ਸਿੱਖ ਵਿਦਵਾਨ ਗੁਰੂ ਸਾਹਿਬ ਦੀ ਇਸ ਦੇਣ ਨੂੰ ਝੁਠਲਾ ਕੇ ਉਹਨਾਂ ਨੂੰ ਬਿਲਕੁਲ ਉਲਟ ਖੇਮੇ ਵਿਚ ਖੜ੍ਹਾ ਕਰਦੇ ਹਨ। ਉਹ ਉਹਨਾਂ ਨੂੰ ਵਿਸਵਾਸ਼ ਤੇ ਭਗਤੀ ਦਾ ਉਪਾਸ਼ਕ ਦੱਸ ਕੇ ਆਪਣੇ ਸਵਾਰਥਾਂ ਨੂੰ ਪੂਰਦੇ ਹਨ। ਇਸ ਦੀ ਉਦਾਹਰਣ ਇਕ ਅਜੋਕੇ ਸਿੱਖ ਬੁੱਧੀਜੀਵੀ ਦਾ ਹੁਣੇ ਹੁਣੇ ਹੀ ਜਾਰੀ ਕੀਤਾ ਇਕ ਯੂ-ਟਿਊਬ ਵੀਡੀਓ ਯੂ-ਟਿਊਬ ਵੀਡੀਓ ਹੈ। ਆਪਣੇ ਆਪ ਨੂੰ ਉੱਘਾ ਸਿੱਖ ਇਤਿਹਾਸਕਾਰ ਦੱਸਣ ਵਾਲਾ ਇਹ ਵਿਦਵਾਨ ਆਪਣੇ “ਡਾ: ਢਿਲੋਂ ਦਾ ਖੁਲ੍ਹਾ ਚੈਲੰਜ....” ਜਿਹੇ ਨਾਂ ਵਾਲੇ ਇਸ ਵੀਡੀਓ ਵਿਚ ਕਹਿੰਦਾ ਹੈ ਕਿ ਗੁਰੂ ਨਾਨਕ ਦੇ ਸਿੱਖੀ ਸਿਧਾਂਤ ਦੀ ਜੜ ਵਿਸ਼ਵਾਸ਼ ਵਿਚ ਹੈ। ਉਸ ਅਨੁਸਾਰ ਅਜੋਕਾ ਸਿੱਖ ਸਮਾਜ ਕੁਝ ਅਜਿਹੇ ਪ੍ਰਚਾਰਕ ਭਾਈਆਂ ਦੀ ਮਾਰ ਹੇਠ ਆ ਗਿਆ ਹੈ ਜਿਹੜੇ ਤਰਕ ਪ੍ਰਚਾਰ ਕਰ ਕੇ ਲੋਕਾਂ ਦੇ ਵਿਸਵਾਸ਼ ਨੂੰ ਢਾਹ ਲਾ ਰਹੇ ਹਨ। ਉਸ ਅਨੁਸਾਰ ਵਿਸਵਾਸ਼ ਦੇ ਜੋਰ ਅੰਗਰੇਜ਼ ਇਸਾਈਆਂ ਨੇ ਬਾਈਬਲ ਹੱਥ ਵਿਚ ਫੜ ਕੇ ਵਿਸ਼ਵ-ਵਿਆਪੀ ਬਰਤਾਨਵੀ ਸ਼ਾਮਰਾਜ ਸਥਾਪਿਤ ਕੀਤਾ ਤੇ ਇਸੇ ਤਰ੍ਹਾਂ ਯਹੁਦੀਆਂ ਨੇ ਆਪਣਾ ਇਜ਼ਰਾਇਲੀ ਰਾਜ। ਪਰ ਇਸ ਦੇ ਉਲਟ ਤਰਕ ਪ੍ਰਚਾਰ ਦਾ ਸ਼ਿਕਾਰ ਹੋਏ ਤੇ ਵਿਸਵਾਸ਼ ਤੋਂ ਡੋਲੇ ਸਿੱਖ ਹਰ ਰਾਜਸੀ ਲੜਾਈ ਹਾਰੇ ਹਨ। ਉਹ ਕਹਿੰਦਾ ਹੈ ਕਿ ਜੇ ਉਹ ਹੁਣ ਵੀ ਵਿਸਵਾਸ਼ ਦੇ ਝੰਡੇ ਹੇਠ ਇੱਕਠੇ ਨਾ ਹੋਏ ਤਾਂ ਉਹਨਾਂ ਦੇ ਰਾਜਸੀ ਸੁਪਨਿਆਂ ਦਾ ਖੇਰੂੰ-ਖੇਰੂੰ ਹੋਣਾ ਨਿਸ਼ਚਿਤ ਹੈ। ਜੇ ਇਸ ਨੂੰ ਕੋਈ ਪੁੱਛੇ ਕਿ ਫਰਾਂਸੀਸੀ ਤੇ ਪੁਰਤਗਾਲੀ ਆਪਣੇ ਹੱਥ ਵਿਚ ਕੀ ਫੜ੍ਹ ਕੇ ਆਏ ਸਨ ਜੋ ਇਥੇ ਆਪਣਾ ਸ਼ਾਮਰਾਜ ਸਥਾਪਤ ਨਾ ਕਰ ਸਕੇ? ਕੀ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਾਈਬਲ ਪੜ੍ਹਾ ਕੇ ਹਰਾਇਆ ਸੀ ਜਾਂ ਕੂਟ ਰਾਜਨੀਤੀ?
ਆਪੂੰ ਬਣੇ ਇਸ ਸਿੱਖ ਇਤਿਹਾਸਕਾਰ ਨੇ ਇਤਿਹਾਸ ਨੂੰ ਮਰੋੜੇ ਤਾਂ ਕਈ ਹੋਰ ਵੀ ਦਿੱਤੇ ਹਨ ਪਰ ਉਸ ਦਾ ਸਭ ਤੋਂ ਚਿੱਟਾ ਤੇ ਹੈਰਾਨੀਜਨਕ ਝੂਠ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਵਿਗਿਆਨੀ ਆਈਨਸਟੀਨ ਦਾ ਆਪਣੇ ਯਹੂਦੀ ਧਰਮ ਵਿਚ ਪੱਕਾ ਵਿਸ਼ਵਾਸ਼ ਸੀ। ਆਪਣਾ ਵਿਸ਼ਵਾਸ਼ੀ ਫੰਡਾ ਸਹੀ ਸਿੱਧ ਕਰਨ ਲਈ ਉਹ ਕਹਿੰਦਾ ਹੈ ਕਿ ਆਈਨਸਟੀਨ ਹਰ ਸਾਲ ਇਜ਼ਰਾਈਲ ਜਾਂਦਾ ਸੀ ਜਿੱਥੇ ਉਹ ਦੂਜੇ ਯਹੂਦੀ ਸ਼ਰਧਾਲੂਆਂ ਵਾਂਗ ਜੇਰੋਸਲਮ ਵਿਚ ਰੋਮਨ ਸਾਸ਼ਕਾਂ ਰਾਹੀਂ ਹਜ਼ਾਰਾਂ ਸਾਲ ਪਹਿਲਾਂ ਢਾਹੇ ਯਹੂਦੀ ਮੰਦਰ ਦੀ ਬਚੀ-ਖੁਚੀ “ਪੱਛਮੀ ਕੰਧ” ਨਾਲ ਮੱਥਾ ਭੰਨਦਾ ਸੀ ਤੇ ਵੈਣ ਪਾ ਪਾ ਰੋਂਦਾ ਸੀ।
ਜੇ ਇਹ ਵਿਦਵਾਨ ਥੋੜਾ ਵੀ ਸਮਝਦਾਰ ਹੁੰਦਾ ਤਾਂ ਉਹ ਆਪਣੇ ਤੱਥਾਂ ਨੂੰ ਦ੍ਰਿੱੜਤਾ ਨਾਲ ਖੋਜਦਾ ਤੇ ਝੂਠ ਬੋਲ ਕੇ ਸਿੱਖ ਸੰਗਤਾਂ ਨੂੰ ਇਕ ਨਵੇਂ “ਸਿੱਖ ਸਾਮਰਾਜ” ਲਈ ਨਾ ਵਰਗਲਾਉਂਦਾ। ਸੱਚ ਤਾਂ ਇਹ ਹੈ ਕਿ ਆਈਨਸਟੀਨ ਨੇ ਬਚਪਨ ਵਿਚ ਹੀ ਯਹੂਦੀ ਧਰਮ ਨੂੰ ਤਿਲਾਂਜਲੀ ਦੇ ਦਿੱਤੀ ਸੀ। ਉਹ ਆਪਣੀ ਸਵੈਜੀਵਨੀ Biographical Notes ਵਿਚ ਲਿਖਦਾ ਹੈ, “ਵਿਗਿਆਨਕ ਸਾਹਿਤ ਪੜ੍ਹਨ ਨਾਲ 12 ਸਾਲਾਂ ਦੀ ਉਮਰ ਵਿਚ ਹੀ ਮੇਰੇ ਧਾਰਮਿਕ ਵਿਚਾਰਾਂ ਦਾ ਪੱਕਾ ਭੋਗ ਪੈ ਗਿਆ ਸੀ।” 1952 ਵਿਚ ਉਸ ਨੇ ਬਿਟਰੀਸ ਫਰੌਲਿਕ (Beatrice Frohlich) ਨੂੰ ਇਕ ਖਤ ਲਿਖ ਕੇ ਦੱਸਿਆ, “ਰੱਬ ਦੀ ਧਾਰਨਾ ਮੇਰੇ ਲਈ ਓਪਰੀ ਹੀ ਨਹੀਂ ਬਿਲਕੁਲ ਬਚਕਾਨੀ ਹੈ।” 1954 ਵਿਚ ਉਸ ਨੇ ਨਿਊ ਜਰਸੀ ਦੇ ਇਕ ਮਜ਼ਦੂਰ ਦੀ ਚਿੱਠੀ ਦਾ ਜਵਾਬ ਦੇਂਦਿਆ ਲਿਖਿਆ, “ਲੋਕ ਮੇਰੀ ਧਾਰਮਿਕ ਮਾਨਤਾ ਬਾਰੇ ਕੋਰਾ ਝੂਠ ਫੈਲਾ ਰਹੇ ਹਨ। ਉਹ ਇਸ ਨੂੰ ਗਿਣੇ-ਮਿੱਥੇ ਢੰਗ ਨਾਲ ਬਾਰ ਬਾਰ ਦੁਹਰਾ ਰਹੇ ਹਨ। ਮੈਂ ਕਿਸੇ ਵੀ ਵਿਅਕਤੀਗਤ ਰੱਬ ਵਿਚ ਵਿਸ਼ਵਾਸ਼ ਨਹੀਂ ਰੱਖਦਾ। ਜੇ ਮੇਰੇ ਵਿਚ ਕੋਈ ਗੱਲ ਧਰਮ ਵਾਲੀ ਕਹੀ ਜਾ ਸਕਦੀ ਹੈ ਉਹ ਇਹ ਹੈ ਕਿ ਮੈਂ ਹੁਣ ਤੀਕਰ ਦੀ ਵਿਗਿਆਨਕ ਖੋਜ ਦੁਆਰਾ ਦਰਸਾਏ ਸੰਸਾਰਕ ਢਾਂਚੇ ਦੀ ਭਰਪੂਰ ਸ਼ਲਾਘਾ ਕਰਦਾ ਹਾਂ।” 1954 ਵਿਚ ਹੀ ਉਸ ਨੇ ਆਪਣੇ ਇਕ ਸਹਿਕਰਮੀ ਦੀ ਸਲਾਹ ਤੇ ਯੱਹੁਦੀ ਧਾਰਮਿਕ ਮਾਨਤਾਵਾਂ ਬਾਰੇ ਐਰਿਕ ਗੁਡਕਾਇੰਡ (Eric Goodkind) ਦੀ ਪੁਸਤਕ ਪੜ੍ਹੀ ਤੇ ਜਵਾਬ ਵਿਚ ਉਸ ਨੂੰ ਲਿਖਿਆ, “ਸ਼ਬਦ ਰੱਬ ਮੇਰੇ ਲਈ ਮੱਨੁਖੀ ਕਮਜ਼ੋਰੀਆਂ ਦੀ ਪੈਦਾਇਸ਼ ਤੇ ਪਰਗਟਾਵੇ ਤੋਂ ਵੱਧ ਕੁਝ ਵੀ ਨਹੀਂ। ਬਾਈਬਲ ਇਕ ਸਤਿਕਾਰਤ ਕਥਾਵਾਂ ਦਾ ਸੰਗਰਹਿ ਹੈ ਜੋ ਅਸਲ ਵਿਚ ਅਤਿ-ਪੁਰਾਤਨ ਤੇ ਬੱਚਿਆਂ ਨੂੰ ਬਹਿਲਾਉਣ ਵਾਲੀਆਂ ਹਨ। ਮੇਰੇ ਲਈ ਤਾਂ ਯਹੂਦੀ ਧਰਮ ਵੀ ਦੂਜੇ ਸਾਰੇ ਧਰਮਾਂ ਵਾਂਗ ਬਚਕਾਨੇ ਭਰਮਾਂ ਦਾ ਸੰਗਰਹਿ ਹੀ ਹੈ।” ਆਇਨਸਟੀਨ ਦਾ ਗੁਡਕਾਈਂਡ ਨੂੰ ਲਿਖਿਆ ਇਹ ਖਤ 2018 ਵਿਚ 2.9 ਮਿਲੀਅਨ ਡਾਲਰ ਦਾ ਵਿਕਿਆ। ਆਪਣੀ ਪੁਸਤਕ Ideas and Opinions ਵਿਚ ਉਹ ਇੱਥੋਂ ਤੀਕਰ ਲਿਖਦਾ ਹੈ ਕਿ ਨੈਤਿਕਤਾ ਦੀ ਭਾਲ ਕਰਦੇ ਅਜੋਕੇ ਧਾਰਮਿਕ ਆਗੂਆਂ ਨੂੰ ਹੁਣ ਡਰ ਤੇ ਵਿਦਵਾਸ਼ ਦੇ ਬਲ ਬੂਤੇ ਖੜ੍ਹੇ ਕੀਤੇ ਉਸ ਧਾਰਮਿਕ ਢਾਂਚੇ ਨੂੰ ਹੌਸਲੇ ਨਾਲ ਨਖਿੱਧ ਦੇਣਾ ਚਾਹੀਦਾ ਹੈ ਜਿਸ ਨੇ ਬੀਤੇ ਸਮੇਂ ਵਿਚ ਪੁਜਾਰੀ ਨੂੰ ਬੇਹੱਦ ਤਾਕਤਵਰ ਬਣਾਇਆ।”
ਪਰ ਆਇਨਸਟੀਨ ਨੇ ਜੋ ਗੱਲ ਇਕ ਚਿੱਠੀ ਵਿਚ ਜਰਮਨੀ ਦੇ ਗੋਲਡਸਟੀਨ ਨੂੰ 1930 ਵਿਚ ਲਿਖੀ ਉਹ ਬਹੁਤ ਹੀ ਵਿਚਾਰਨਯੋਗ ਹੈ ਤੇ ਸਮੂਚੇ ਸਿੱਖ ਸਮੁਦਾਏ ਲਈ ਕੰਨ ਖੋਹਲ ਕੇ ਸੁਣਨ ਵਾਲੀ ਹੈ। ਉਸ ਨੇ ਲਿਖਿਆ ਕਿ ਰੱਬ ਦੇ ਮਸਲੇ ਵਿਚ ਉਹ ਕੇਵਲ ਬਾਰੂਸ ਸਪਾਈਨੋਜ਼ਾ (Baruch Spinoza) ਦਾ ਕਾਇਲ ਹੈ ਕਿਉਂਕਿ ਸਪਾਈਨੋਜ਼ਾ ਦਾ ਰੱਬ ਮੱਨੁਖਾਂ ਦੇ ਜੀਵਨ ਵਿਚ ਦਖਲ ਨਹੀਂ ਦੇਂਦਾ ਸਗੋਂ ਉਹ ਦਿਸਦੇ ਸੰਸਾਰ ਦੀ ਸੁਮੇਲਤਾ ਵਿਚੋਂ ਝਲਕਦਾ ਹੈ। ਉਹ ਲਿਖਦਾ ਹੈ ਕਿ ਸਪਾਈਨੋਜ਼ਾ ਅਧੁਨਿਕ ਸੰਸਾਰ ਦਾ ਸਭ ਤੋਂ ਵੱਡਾ ਫਿਲਾਸਫਰ ਹੈ ਤੇ ਉਹ ਉਸ ਦਾ ਕਦਰਦਾਨ ਹੀ ਨਹੀਂ, ਭਗਤ ਵੀ ਹੈ।
ਪਰ ਦੁਨੀਆਂ ਦਾ ਸਭ ਤੋਂ ਵੱਡਾ ਇਹ ਸਾਇੰਸਦਾਨ ਦੁਨੀਆਂ ਦੇ ਜਿਸ ਫਿਲਾਸਫਰ ਬਰੂਸ ਸਪਾਈਨੋਜ਼ਾ ਨੂੰ ਆਪਣਾ ਧਾਰਮਿਕ ਰਹਿਨੁਮਾ ਮੰਨਦਾ ਹੈ, ਉਹ ਖੁਦ ਆਪਣੇ ਧਰਮ ਵਿਰੋਧੀ ਵਿਚਾਰਾਂ ਕਰਕੇ ਯਹੂਦੀ ਧਰਮ ਵਿਚੋਂ ਛੇਕਿਆ ਗਿਆ ਸੀ। ਇਸੇ ਕਰਕੇ ਉਸਨੂੰ ਆਪਣਾ ਇਸਾਈ ਨਾਂ ਛੱਡ ਬਰੂਸ ਤੋਂ ਬੈਂਟੋ (Bento) ਬਣਨਾ ਪਿਆ ਸੀ। ਇਹ ਬੈਂਟੋ ਆਪਣੇ ਧਾਰਮਿਕ ਵਿਚਾਰਾਂ ਨੂੰ ਇੰਜ ਵਰਨਣ ਕਰਦਾ ਹੈ, “ਮੇਰੇ ਲਈ ਰੱਬ ਇਕ ਇਕਹਿਰੀ ਤੇ ਆਪੇ ਪ੍ਰਗਟ ਹੋਈ ਸ਼ੈਅ ਹੈ ਜਿਸ ਵਿਚ ਪਦਾਰਥ ਤੇ ਵਿਚਾਰ ਦੋਵੇਂ ਗੁਣ ਸ਼ਾਮਲ ਹਨ।” ਉਹ ਬਾਰ ਬਾਰ ਇਹ ਕਹਿੰਦਾ ਹੈ ਕਿ ਉਹ ਮੱਨੁਖ ਰੂਪੀ ਰੱਬ ਨੂੰ ਨਹੀਂ ਮੰਨਦਾ ਸਗੋਂ ਬਹੁਮੁਖੀ ਪਹਿਲੂਆਂ, ਅਨੰਤ ਪਰਤਾਂ ਤੇ ਅਸੰਖ ਗੁਣਾਂ ਵਾਲੀ ਕੁਦਰਤ ਨੂੰ ਅੰਤਿਮ ਸ਼ਕਤੀ ਮੰਨਦਾ ਹੈ। ਉਹ ਕਹਿੰਦਾ ਹੈ ਕਿ ਕੁਦਰਤ ਦੇ ਇਹ ਭੇਦ ਤੇ ਗੁਣ ਕਦੇ ਵੀ ਤੇ ਕਿਤੇ ਵੀ ਅੱਗੇ ਤੋਂ ਅੱਗੇ ਖੁਲ੍ਹਦੇ ਰਹਿਣਗੇ। ਇਸ ਦੇ ਸਭ ਗੁਣਾਂ ਦੇ ਖੁਲ੍ਹਣ ਤੀਕਰ ਇਸ ਦੀ ਪ੍ਰੀਭਾਸ਼ਾ ਕਰਨਾ ਅਸੰਭਵ ਹੈ। ਸੋ ਸਪਾਈਨੋਜ਼ਾ ਨੂੰ ਮੰਨਣ ਵਾਲਾ ਆਈਨਸਟੀਨ ਇਸ ਕੁਦਰਤ ਨੂੰ ਮੰਨਦਾ ਸੀ।
ਸੰਨ 1632 ਵਿਚ ਜੰਮੇ ਸਪਾਈਨੋਜ਼ਾ ਨੇ ਗੁਰੂ ਨਾਨਕ ਨੂੰ ਕਦੇ ਦੇਖਿਆ ਜਾਂ ਪੜ੍ਹਿਆ ਨਹੀਂ ਸੀ। ਪਰ ਜੋ ਗੱਲ ਉਸ ਨੇ ਕਹੀ ਉਹੀ ਗੱਲ ਗੁਰੂ ਸਾਹਿਬ ਉਸ ਤੋਂ ਡੇਢ ਸੌ ਸਾਲ ਪਹਿਲਾਂ ਕਹਿ ਗਏ ਸਨ। ਉਹਨਾਂ ਨੇ ਕਿਹਾ ਸੀ ਕਿ ਕਾਇਨਾਤ ਦਾ ਮੂਲ ਕਾਰਕ ਕਰਤਾ ਪੁਰਖ ਇਹ ਇਕ ਸਿੱਧੇ ਤੇ ਇਕਹਿਰੇ ਗੁਣਾਂ ਵਾਲੀ, ਆਪੂੰ ਉਦੇ ਹੋਈ (ਸੈਭੰ) ਅਤੇ ਨਿਰਜਿੰਦ (ਅਜੂਨੀ) ਹੋਂਦ ਹੈ ਜੋ ਰੰਗੀ ਰੰਗੀ ਭਾਤਿ ਕੁਦਰਤ ਵਿਚੋਂ ਪ੍ਰਗਟ ਹੋ ਰਿਹਾ ਹੈ। ਰਾਤੀ ਰੁਤੀ ਤਿਥੀ ਵਾਰ ਤੇ ਪਵਨ ਗੁਰੂ ਪਾਣੀ ਪਿਤਾ ਵਾਲੇ ਸਲੋਕਾ ਵਿਚ ਉਹਨਾਂ ਨੇ ਇਸੇ ਕੁਦਰਤ ਦੇ ਤੱਤਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਇਸ ਦੇ ਸਾਪੇਖਿਕ ਖੋਜ ਅਤੇ ਸ਼ਬਦ-ਵਿਚਾਰ ਰਾਹੀਂ ਜਾਣੇ ਜਾ ਸਕਣ ਵਾਲੇ ਅਨੇਕਾਂ ਪਰਤੱਖ ਤੇ ਅਪਰਤੱਖ ਪਰ ਅੱਗੇ ਤੋਂ ਅੱਗੇ ਪਰਗਟ ਹੋਣ ਵਾਲੇ ਗੁਣ ਦੱਸੇ। ਉਹਨਾਂ ਨੇ ਸਾਰੇ ਜਪੁਜੀ ਵਿਚ ਰੱਬ ਜਾਂ ਪਰਮਾਤਮਾ ਦਾ ਕੋਈ ਜਿਕਰ ਨਹੀਂ ਕੀਤਾ ਸਗੋਂ ਕਿਹਾ ਕਿ ਪ੍ਰਕਿਰਤੀ ਦੇ ਮੂਲ ਤੱਤ ਦੀਆਂ ਸਭ ਗੁਣ-ਵਡਿਆਈਆਂ ਜਾਣ ਲੈਣ ਤੋਂ ਬਾਦ ਹੀ ਇਸ ਦੀ ਸਹੀ ਰੂਪਰੇਖਾ ਅਸਲ ਨਾਮ (ਸਤਿਨਾਮੁ) ਦਾ ਪਤਾ ਚਲੇਗਾ। ਗੁਰੂ ਸਾਹਿਬ ਨੇ ਸਪਾਈਨੋਜ਼ਾ ਤੋਂ ਵੀ ਅੱਗੇ ਜਾ ਕੇ ਕੁਦਰਤ ਦੇ ਪੱਕੇ ਨਿਯਮਾਂ ਦੀ ਦੱਸ ਪਾਈ ਤੇ ਇਹਨਾਂ ਨੂੰ ਬੁਝਣ ਲਈ ਕਿਹਾ। ਉਹਨਾਂ ਨੇ ਖੋਜ ਕਰਨ ਦੀ ਅਧੁਨਿਕ ਖੋਜ ਵਿਧੀ ਜਿਹੀ ਵਿਧੀ ਦੱਸੀ ਤੇ ਇਸ ਵਿਧੀ ਨੂੰ ਵਰਤਣ ਦਾ ਰਾਹ ਦੱਸਿਆ। ਇਸ ਤਰ੍ਹਾਂ ਸਪਾਈਨੋਜ਼ਾ ਇਕ ਤਰ੍ਹਾਂ ਨਾਲ ਗੁਰੂ ਸਾਹਿਬ ਦਾ ਅਣਦੇਖਿਆ ਸਿੱਖ ਹੋਇਆ। ਕਿਉਂਕਿ ਆਈਨਸਟੀਨ ਸਪਾਈਨੋਜ਼ਾ ਦਾ ਪੱਕਾ ਭਗਤ ਸੀ ਇਸ ਲਈ ਇਕ ਤਰ੍ਹਾਂ ਉਹ ਸਪਾਈਨੋਜ਼ਾ ਦੇ ਗੁਰੂ ਭਾਵ ਗੁਰੂ ਨਾਨਕ ਦਾ ਵੀ ਸਿੱਖ ਹੋਇਆ। ਜੇ ਆਈਨਸਟੀਨ ਸਪਾਈਨੋਜ਼ਾ ਦੇ ਵਿਚਾਰਾਂ ਨੂੰ ਪ੍ਰਮਾਣਿਤ ਮੰਨਦਾ ਹੈ ਤਾਂ ਗੁਰੂ ਸਾਹਿਬ ਦੇ ਵਿਚਾਰ ਤਾਂ ਉਸ ਲਈ ਇਸ ਤੋਂ ਵੀ ਵਧ ਪ੍ਰਮਾਣਿਤ ਸਨ। ਜੇ ਸਪਾਈਨੋਜ਼ਾ ਦੇ ਵਿਚਾਰਾਂ ਨਾਲ ਇਕ ਆਈਨਸਟੀਨ ਸਹਿਮਤ ਹੁੰਦਾ ਹੈ ਤਾਂ ਗੁਰੂ ਸਾਹਿਬ ਦੇ ਉੱਤਮ ਵਿਚਾਰਾਂ ਨਾਲ ਤਾਂ ਪੂਰਾ ਅਧੁਨਿਕ ਵਿਗਿਆਨ ਸਹਿਮਤ ਹੋਵੇਗਾ। ਜੇ ਦੁਨੀਆਂ ਦਾ ਉਹ ਸਰਤਾਜ ਵਿਗਿਆਨੀ ਖੁਦ ਅਤੇ ਉਸ ਨਾਲ ਸਾਰਾ ਅਜੋਕਾ ਵਿਗਿਆਨ ਗੁਰੂ ਸਾਹਿਬ ਦੇ ਸਿਧਾਂਤ ਦਾ ਪਾਣੀ ਭਰਦੇ ਹਨ ਤਾਂ ਇਹ ਸਮੂਚੇ ਸਿੱਖ ਜਗਤ ਦਾ ਸਿਰ ਮਾਣ ਨਾਲ ਉੱਚਾ ਕਰਨ ਵਾਲੀ ਗੱਲ ਹੈ।
ਪਰ ਸਿੱਖ ਜਗਤ ਵਿਚ ਇਹ ਇੱਦਾਂ ਹੈ ਨਹੀਂ ਕਿਉਂਕਿ ਡਾਕਟਰ ਗੁਰਦਰਸ਼ਨ ਸਿੰਘ ਢਿਲੋਂ ਜਿਹੇ ਆਪੂੰ ਬੁੱਧੀਜੀਵੀ ਬਣੇ ਅਜੋਕੇ ਸਿੱਖ ਵਿਦਵਾਨਾਂ ਦਾ ਦਿਮਾਗ਼ ਇਸ ਪਾਸੇ ਖੁਲ੍ਹਦਾ ਨਹੀਂ। (ਮੇਰੀ ਪੁਸਤਕ "ਸਚ ਦੀ ਸੇਧ" ਵਿਚੋਂ)।