ਅਕਸਰ ਸਿੱਖੀ ਨੂੰ ਇਕ ਧਰਮ ਕਿਹਾ ਜਾਂਦਾ ਹੈ ਤੇ ਤਰਕਸ਼ੀਲਾਂ ਨੂੰ ਇਸ ਦਾ ਨਿਖੇਧ ਕਰਨ ਵਾਲੇ। ਅਜਿਹਾ ਮੰਨਣਾ ਬੇਸਮਝੀ ਤੋਂ ਕਿਸੇ ਤਰ੍ਹਾਂ ਘਟ ਨਹੀਂ। ਕੀ ਸਿੱਖ ਵਿਚਾਰਧਾਰਾ ਜਿਸ ਨੂੰ ਸਿੱਖ ਧਰਮ ਕਿਹਾ ਹਾਣ ਲਗਾ ਹੈ, ਤਰਕਸ਼ੀਲ ਨਹੀਂ? ਸਭ ਤੋਂ ਵੱਡਾ ਤਰਕਸ਼ੀਲ ਤੇ ਸਭ ਤੋਂ ਪਹਿਲਾ ਵਿਗਿਆਨੀ ਬਾਬਾ ਨਾਨਕ ਸੀ ਜਿਸ ਨੇ ਤਰਕ ਦੇ ਸਹਾਰੇ ਦੂਜੇ ਸਾਰੇ ਧਰਮਾ ਦੇ ਕਰਮ ਕਾਂਡ ਝੁਠਲਾਏ ਤੇ ਉਨਾਂ ਦੀ ਖੋਜ ਵਿਧੀ ਨੂੰ ਨਕਾਰਿਆ। ਉਨ੍ਹਾਂ ਨੇ ਜਪੁਜੀ ਦੀ ਪਹਿਲੀ ਪੌੜੀ ਵਿਚ ਹੀ ਦੱਸਿਆ ਕਿ ਸੋਚੈ, ਚੁਪੈ, ਭੁਖੈ, ਸਿਆਣਪਾਂ ਤੇ ਭਗਤੀ ਦੇ ਹੋਰ ਕਰਮਕਾਂਡੀ ਰਸਤਿਆਂ ਰਾਹੀ ਸੰਸਾਰ ਦੇ ਕਰਤੇ ਨੂੰ ਨਹੀਂ ਲੱਭਿਆ ਜਾ ਸਕਦਾ। ਸਭ ਤੋਂ ਪਹਿਲਾਂ ੴ ਦਾ ਸੂਤਰ ਅੰਕਿਤ ਕਰ ਕੇ ਉਨਾਂ ਦੱਸਿਆ ਕਿ ਸਿਰਜਣਹਾਰ (ਨਾ ਕਿ ਰੱਬ) ਨੂੰ ਖੋਜਣ ਦਾ ਅਸਲ ਗੁਰ ਵਿਗਿਆਨਕ ਸੂਤਰ ੴ ਹੈ। ਵਿਗਿਆਨ ਦਾ ਰਸਤਾ ਉਨਾਂ ਨੇ ਹੀ ਯੂਰਪ ਤੋਂ ਵੀ ਪਹਿਲਾਂ ਪੂਰਬ ਖਾਸ ਤੌਰ ਤੇ ਹਿੰਦੁਸਤਾਨ ਵਿਚ ਦੱਸਿਆ।
ਪਰ ਅਨਹੋਣੀ ਇਹ ਕਿ ਉਸ ਸਮੇਂ ਦੇ ਬੌਧਿਕ ਤੌਰ ਤੇ ਪਛੜੇ ਸਮਾਜ ਵਿਚ ਉਨ੍ਹਾਂ ਦੀ ਪ੍ਰਤਿਭਾ ਨੂੰ ਸਮਝਣ ਤੇ ਸੰਭਾਲਣ ਵਾਲਾ ਕੋਈ ਨਹੀਂ ਸੀ। ਅੰਧਵਿਸ਼ਵਾਸ ਵਿਚ ਡੁੱਬੇ ਲੋਕ ਉਨਾਂ ਦੇ ਵਿਚਾਰਾਂ ਨੂੰ ਸੁਣਨ ਤੇ ਸਮਝਣ ਲਈ ਬਿਲਕੁਲ ਹੀ ਤਿਆਰ ਨਹੀਂ ਸਨ। ਉਨ੍ਹਾਂ ਭਾਵੇਂ ਤਾਂ ਬਾਬਾ ਜੀ ਕੁਝ ਚੰਗੀਆਂ ਚੰਗੀਆਂ ਡੂੰਘੀਆਂ ਗੱਲਾਂ ਕਰ ਰਹੇ ਹਨ ਜੋ ਕਿ ਸ਼ਾਇਦ ਇਕ ਨਵਾਂ ਧਰਮ ਹੋਵੇ। ਉਨ੍ਹਾਂ ਨੇ ਬਾਬਾ ਜੀ ਦੀਆਂ ਤਰਕ ਵਿਵੇਕ ਦੀਆਂ ਗੱਲਾਂ ਅਤੇ ਵਿਗਿਆਨਕਤਾ ਦਾ ਰਾਹ ਖੋਲਦੀਆਂ ਰਮਜ਼ਾਂ ਵਾਲੇ ਉਪਦੇਸ਼ਾਂ ਵਿਚ ਦੂਜੇ ਧਰਮਾਂ ਦੀ ਸੋਚ ਤੇ ਫੋਕੇ ਕਰਮ ਕਾਂਡਾਂ ਦੁਆਰਾ ਫੈੋਲਾਏ ਅੰਧ ਵਿਸਵਾਸ਼ ਦੀ ਨਿਖੇਧੀ ਨੂੰ ਹੀ ਇਕ ਨਵਾਂ ਧਰਮ ਸਮਝ ਲਿਆ ਤੇ ਇਸ ਨੂੰ ਧਰਮ ਦਾ ਬਾਹਰੀ ਬਾਣਾਂ ਪੁਆਣਾ ਸ਼ੁਰੂ ਕਰ ਦਿਤਾ। ਇਸ ਲਈ ਗੁਰੂ ਸਾਹਿਬ ਦੀਆਂ ਸੱਚੀਆਂ ਗੱਲਾਂ ਲੁਕਾਈ ਦੇ ਸਿਰ ਉਤੋਂ ਹੀ ਨਿਕਲ ਗਈਆਂ।
ਗੁਰੂ ਨਾਨਕ ਦੇ ਵਿਚਾਰਾਂ ਦੇ ਸਹੀ ਤਰਜ਼ਮਾਨੀ ਕਰਦੀ ਪੁਸਤਕ
ਇਹ ਇਕ ਵਾਰ ਅਜਿਹੀਆਂ ਨਿਕਲੀਆਂ ਕਿ ਅੱਜ ਤੀਕਰ ਕਿਸੇ ਦੀ ਸਮਝ ਹੇਠ ਨਾ ਆਈਆਂ ਕਿਉਂਕਿ ਉਨ੍ਹਾਂ ਦੀ ਵਿਗਿਆਨਕ ਲੀਹ ਨੂੰ ਧਰਮ ਦੇ ਰਸਤੇ ਪਾ ਦਿੱਤਾ ਗਿਆ ਹੈ। ਧਰਮ ਵਾਲੇ ਰਸਤੇ ਪਿਆ ਨਾਨਕ ਦਾ ਅੱਜੋਕਾ ਸਿੱਖ ਅਜਿਹਾ ਮੁੱਢੋਂ ਘੁੱਥਾ ਹੈ ਕਿ ਸਗੋਂ ਉਨ੍ਹਾਂ ਦੇ ਸਿੱਧਾਂਤਾਂ ਵਿਰੁਧ ਹੀ ਚਲਣ ਲੱਗਿਆ ਹੈ। ਬੜੇ ਹੀ ਅਸਚਰਜ ਤੇ ਦੁਖਾਂਤ ਦੀ ਗਾਥਾ ਹੈ ਕਿ ਸਾਡੇ ਲੋਕਾਂ ਨੇ ਵਿਗਿਆਨ ਦੇ ਇਕ ਯੁਗਪੁਰਸ਼ ਨੂੰ ਇਕ ਭਗਤੀ ਮੋਢੀ ਧਰਮ ਸੰਸਥਾਪਕ ਬਣਾ ਕੇ ਰੱਖ ਦਿੱਤਾ ਹੈ।
ਇਸ ਲਈ ਹਰ ਨਾਨਕ ਨਾਮ ਲੇਵਾ ਨੂੰ ਸਵੇਰੇ ਉਠ ਕੇ ਅੱਖਾਂ ਖੋਹਲਣ ਤੋਂ ਪਹਿਲਾਂ ਹੀ ਮਨ ਦੀਆਂ ਅੱਖਾਂ ਖੋਹਲ ਕੇ ਇਹ ਸਮਝਣ ਦੀ ਕੋਸਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਪਣੀ ਸਭ ਤੋਂ ਆਖਰੀ ਪੁਸਤਕ ਜਪੁਜੀ ਵਿਚ ਕੀ ਲਿਖਿਆ ਹੈ। ਉਹ ਸੋਚਣ ਕਿ ਉਨ੍ਹਾਂ ਨੇ ਆਪਣੀ ਹੀ ਬਾਣੀ ਨੂੰ ਭਾਈ ਲਹਿਣਾ ਕੋਲੋਂ ਆਪਣੀ ਦੇਖ ਰੇਖ ਵਿਚ ਸੰਪਾਦਨ ਕਰਵਾ ਕੇ ਕੀ ਤਾਕੀਦ ਕੀਤੀ ਹੈ। ਉਹ ਇਸ ਦਾ ਪਾਠ ਜੀ ਸਦਕੇ ਕਰਨ ਪਰ ਕਰਨ ਸਹੀ ਤਰ੍ਹਾਂ ਸਮਝ ਕੇ। ਤਦੇ ਹੀ ਉਨ੍ਹਾਂ ਦਾ ਅਸਲ ਕਲਿਆਣ ਹੋ ਸਕੇਗਾ ਤੇ ਤਦੇ ਹੀ ਉਹ ਅੰਧਵਿਸਵਾਸ਼ਾਂ ਦੇ ਚੱਕਰ ਤੋਂ ਮੁਕਤ ਹੋ ਸਕਣਗੇ।