ੴ ਦੇ ਗੱਣਿਤੀ ਗੁਰ ਤੋਂ ਬਾਦ ਜਪੁਜੀ ਦੀ ਵਿਗਿਆਨਕ ਸਾਂਝ ਹੇਠ ਲਿਖੇ ਸਲੋਕ ਵਿਚੋਂ ਝਲਕਦੀ ਹੈ।
"ਆਦਿ ਸਚੁ ਜੁਗਾਦਿ ਸਚੁ॥
ਹੋਸੀ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥”
ਇਹ ਸਲੋਕ ਬਾਣੀ ਆਪਣੇ ਆਪ ਵਿਚ ਇਕ ਸੰਪੂਰਣ ਵਿਚਾਰ ਹੈ ਤੇ ਜਪੁਜੀ ਸਾਹਿਬ ਵਿਚ ਇਸ ਦਾ ਪੰਜੀਕਰਣ ‘॥੧॥” ਕਰਕੇ ਕੀਤਾ ਹੋਇਆ ਹੈ। ਜਪੁਜੀ ਦਾ ਪਹਿਲਾ ਸਲੋਕ ਕਹੀ ਜਾਣ ਵਾਲੀ ਇਹ ਦੋ ਤੁਕੀ ਬਾਣੀ ਜਿੰਨੀ ਸੰਖੇਪ ਹੈ ਤੇ ਸਹਿਜ-ਸੁਭਾਵੀ ਲਗਣ ਵਾਲੀ ਹੈ ਉਂਨੀ ਹੀ ਇਹ ਵੱਡੇ ਤੇ ਉੱਚੇ ਮਹਤੱਵ ਵਾਲੀ ਹੈ। ਇਕ ਪਾਸੇ ਇਹ ਫਿਲਾਸਫੀ ਨਾਲ ਜੁੜੀ ਹੋਈ ਹੈ, ਦੂਜੇ ਪਾਸੇ ਵਿਗਿਆਨ ਨਾਲ। ਤੀਜੇ ਪਾਸੇ ਅਧਿਆਤਮਿਕ ਸੋਚ ਵਾਲੇ ਵਿਅਕਤੀ ਇਸ ਨੂੰ ਧਰਮ ਨਾਲ ਵੀ ਜੋੜਦੇ ਹਨ। ਵਿਗਿਆਨ ਵਿਚੋਂ ਹੁੰਦੀਆਂ ਹੋਈਆਂ ਇਸ ਦੀਆਂ ਤੰਦਾਂ ਪੁਰਾਤਨ ਹਿੰਦ ਦੇ ਸੰਖ-ਦਰਸ਼ਨ, ਯੁਨਾਨ ਦੇ ਕਣ-ਵਾਦ (Ionism), ਤੇ ਯੂਰਪ ਦੇ ਮਕਾਨਕੀ ਪਦਾਰਥਵਾਦ (Mechanical Materialism) ਨਾਲ ਜੁੜੀਆਂ ਹੋਈਆਂ ਹਨ। ਹਾਬਜ਼, ਡਾਲਟਨ ਤੇ ਫਾਇਰਬਾਖ ਥਾਣੀ ਇਹ ਤੰਦਾਂ ਮਾਰਕਸ ਦੇ ਦਵੰਧਵਾਦੀ ਪਦਾਰਥਵਾਦ (Dialectical Materialism) ਬਨਾਮ ਗਤੀਸ਼ੀਲ ਪਦਾਰਥਵਾਦ (Dynamic Materialism) ਨਾਲ ਜਾ ਮਿਲਦੀਆਂ ਹਨ। ਇਸ ਗੱਲ ਤੋਂ ਪਤਾ ਲਗਦਾ ਹੈ ਕਿ ਜਿਸ ਗੁਰੂ ਨਾਨਕ ਨੂੰ ਅਜੋਕੇ ਸਿੱਖ-ਪੁਜਾਰੀ ਮਿਥਿਹਾਸਕ ਕਰਾਮਾਤਾਂ ਸਹਾਰੇ ਉੱਚਾ ਚੁੱਕਣ ਦੀ ਕੋਸ਼ਿਸ ਕਰਦੇ ਹਨ ਉਹ ਤੀਖਣ ਸਮਝ ਤੇ ਤਰਕ-ਭਰਪੂਰ ਵਿਚਾਰਾਂ ਵਾਲਾ ਦੁਨੀਆਂ ਦਾ ਅਤਿ-ਅਧੁਨਿਕ ਤੇ ਅੱਦੁਤੀ ਪ੍ਰਤਿਭਾ ਵਾਲਾ ਮਹਾਂਪੁਰਸ਼ ਸੀ।
ਜੋ ਵਿਦਵਾਨ ਉੱਚੇਰੇ-ਗੱਣਿਤ ਦੀ ਸੈੱਟ ਥਿਓਰੀ ਦੇ ਵਾਕਫ ਹਨ ਉਹ ਜਾਣਦੇ ਹਨ ਕਿ ਵੱਖ ਵੱਖ ਗੁਣਾਂ ਵਾਲੀਆਂ ਇਕਾਈਆਂ ਦੇ ਹਰ ਸੈੱਟ ਵਿਚ ਇਕ ਅਜਿਹਾ ਕੇਂਦਰੀ ਗੁਣ ਹੁੰਦਾ ਹੈ ਜੋ ਸੈੱਟ ਦੀਆਂ ਸਭ ਇਕਾਈਆਂ ਵਿਚ ਸਾਂਝਾ ਹੁੰਦਾ ਹੈ। ਉਦਾਹਰਣ ਵਜੋਂ ਮੱਨੁਖ, ਬੈਲ, ਤੋਤੇ ਤੇ ਸੱਪ ਦੇ ਸੈੱਟ ਵਿਚ ਵੱਖ ਵੱਖ ਪ੍ਰਕਾਰ ਦੇ ਜੀਵ ਹਨ। ਨਾ ਇਹ ਸਾਰੇ ਚਾਰ ਪੈਰਾਂ ਵਾਲੇ ਹਨ ਤੇ ਨਾ ਸਭ ਖੰਭਾਂ ਨਾਲ ਉਡਦੇ ਹਨ। ਪਰ ਇਹਨਾਂ ਸਭਨਾਂ ਦਾ ਜੀਵਨ ਤੇ ਵਿਕਾਸ ਮਿਹਦੇ ਤੇ ਨਿਰਭਰ ਕਰਦਾ ਹੈ। ਇਸੇ ਸਾਂਝੇ ਅੰਗ ਕਾਰਨ ਇਹਨਾਂ ਨੂੰ ਇਕ ਸੈੱਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇ ਉਪ੍ਰੋਕਤ ਸਲੋਕ ਵਿਚ ਵੀ ਬ੍ਰਹਿਮੰਡ ਦੇ ਸਚੁ ਭਾਵ ਪਰਮ-ਤੱਤ ਦੀ ਉਹ ਅੱਟਲ ਸਚਾਈ ਹੈ ਜੋ ਸੋਚ ਦੇ ਕਿਸੇ ਵੀ ਵਿਸ਼ੇ ਨੂੰ ਗੰਭੀਰ ਚਿੰਤਨ ਦੇ ਸੈੱਟ ਵਿਚ ਸ਼ਾਮਲ ਕਰ ਦੇਂਦੀ ਹੈ। ਮਾਯਾਵੀ ਸੰਸਾਰ ਪਿੱਛੇ ਸਦੀਵੀ ਹੋਂਦ ਦੀ ਇਹ ਧਾਰਣਾ ਧਰਮ, ਫਿਲਾਸਫੀ ਤੇ ਵਿਗਿਆਨ ਜਿਹੇ ਵੱਖ ਵੱਖ ਵਿਸ਼ਿਆਂ ਦੀ ਸਾਂਝੀ ਮਨੌਤ ਹੈ ਤੇ ਇਸੇ ਨੂੰ ਗੁਰੂ ਨਾਨਕ ਨੇ ਇਸ ਸਲੋਕ ਵਿਚ ਛੋਹਿਆ ਹੈ। ਗੁਰੂ ਸਾਹਿਬ ਦੀ ਵਡਿਆਈ ਇਹੀ ਨਹੀਂ ਕਿ ਉਸ ਨੇ ਜੁਗਾਂ ਜੁਗਾਂਤਰਾਂ ਤੋਂ ਮਘਦੇ ਇਸ ਮੁੱਦੇ ਨੂੰ ਹੱਥ ਪਾਇਆ ਹੈ ਸਗੋਂ ਉਨ੍ਹਾਂ ਦੀ ਵੱਡੀ ਵਡਿਆਈ ਇਹ ਹੈ ਕਿ ਉਹ ਇਸ ਮੁੱਦੇ ਦੇ ਇੰਨਾ ਸਹੀ ਪਾਸੇ ਭੁਗਤੇ ਹਨ ਕਿ ਵਿਗਿਆਨ ਵੀ ਉਸ ਅੱਗੇ ਸਿਰ ਨਹੀਂ ਚੁੱਕ ਸਕਿਆ ਹੈ।